ਪੰਥ ਅੱਵਲ।
ੴ ਸਤਿਗੁਰ ਪ੍ਰਸਾਦਿ
ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥
ਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ ।
ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥
ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ ।੩।
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥
ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ) ।
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥
ਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ ।੪।੨।
Guru Raam Daas Ji in Raag Gujri - 492